
ਪਿੰਡ ਉਭਾਵਾਲ, 5 ਫ਼ਰਵਰੀ (000) : ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਲਗਾਤਾਰ ਯਤਨਾਂ ਅਧੀਨ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡ ਉਭਾਵਾਲ ਵਿਖੇ ਗੰਦੇ ਪਾਣੀ ਦੀ ਨਿਕਾਸੀ ਲਈ 1.82 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਖੁਦ ਨੀਂਹ ਪੱਥਰ ਰੱਖ ਕੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ।
ਇਸ ਪ੍ਰੋਜੈਕਟ ਤਹਿਤ 1.64 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 3.25 ਕਿਲੋਮੀਟਰ (ਸਵਾ ਤਿੰਨ ਕਿਲੋਮੀਟਰ) ਲੰਬੀ ਪਾਇਪ ਲਾਈਨ ਬਣਾਈ ਜਾਵੇਗੀ। ਇਸ ਤੋਂ ਇਲਾਵਾ 18 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਿਕਾਸੀ ਨਾਲਾ ਵੀ ਤਿਆਰ ਕੀਤਾ ਜਾਵੇਗਾ। ਇਹ ਪਾਇਪ ਲਾਈਨ 30 ਸਾਲ ਦੀ ਲੰਬੀ ਉਮਰ ਵਾਲੀ ਹੋਵੇਗੀ, ਜਿਸ ਨਾਲ ਪਿੰਡ ਵਾਸੀਆਂ ਨੂੰ ਲੰਬੇ ਸਮੇਂ ਤੱਕ ਭਰੋਸੇਯੋਗ ਨਿਕਾਸੀ ਵਿਵਸਥਾ ਮਿਲ ਸਕੇਗੀ।
ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਇਸ ਮੌਕੇ ਕਿਹਾ ਕਿ ਪਿੰਡ ਉਭਾਵਾਲ ਸਮੇਤ ਪੂਰੇ ਹਲਕੇ ਵਿੱਚ ਸਾਫ਼-ਸੁਥਰੇ ਵਾਤਾਵਰਣ ਅਤੇ ਸਿਹਤਮੰਦ ਜੀਵਨ ਲਈ ਗੰਦੇ ਪਾਣੀ ਦੀ ਸਹੀ ਨਿਕਾਸੀ ਬਹੁਤ ਜ਼ਰੂਰੀ ਹੈ। ਇਹ ਪ੍ਰੋਜੈਕਟ ਪਿੰਡ ਵਾਸੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਹੱਲ ਕਰੇਗਾ ਅਤੇ ਇਲਾਕੇ ਵਿੱਚ ਸਵੱਛਤਾ ਦਾ ਨਵਾਂ ਮਿਆਰ ਕਾਇਮ ਕਰੇਗਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਤੱਕ ਵਿਕਾਸ ਦੀਆਂ ਸਹੂਲਤਾਂ ਪਹੁੰਚਾਉਣ ਲਈ ਵਿਸ਼ੇਸ਼ ਤੌਰ ‘ਤੇ ਕੰਮ ਕਰ ਰਹੀ ਹੈ ਅਤੇ ਇਸ ਦਿਸ਼ਾ ਵਿੱਚ ਹੋਰ ਵੀ ਕਈ ਪ੍ਰੋਜੈਕਟ ਜਲਦੀ ਸ਼ੁਰੂ ਕੀਤੇ ਜਾਣਗੇ। ਇਸ ਸਮਾਗਮ ਦੌਰਾਨ ਸਥਾਨਕ ਪੰਚਾਇਤ ਮੈਂਬਰਾਂ, ਗੁਰਦੁਆਰਾ ਪ੍ਰਬੰਧਕਾਂ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।









