
ਖੁਰਾਲਗੜ੍ਹ, 6 ਫਰਵਰੀ:
ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਲ ਭਰ ਚੱਲਣ ਵਾਲੇ ਲੜੀਵਾਰ ਸਮਾਗਮਾਂ ਦੀ ਅਧਿਕਾਰਿਕ ਸ਼ੁਰੂਆਤ ਕੀਤੀ। ਇਹ ਸਮਾਗਮ 20 ਫਰਵਰੀ, 2027 ਤੱਕ ਧਾਰਮਿਕ, ਸੱਭਿਆਰਚਾਰਕ ਅਤੇ ਅਕਾਦਮਿਕ ਪੱਧਰ ‘ਤੇ ਹੋਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਲ ਭਰ ਸੰਤ ਸੰਮੇਲਨ, ਕਾਨਫਰੰਸਾਂ, ਕਥਾ-ਕੀਰਤਨ ਅਤੇ ਯੂਨੀਵਰਸਿਟੀਆਂ ਵਿੱਚ ਸੈਮੀਨਾਰ ਕਰਵਾਏ ਜਾਣਗੇ। ਖੁਰਾਲਗੜ੍ਹ ਵਿਖੇ ਸ਼੍ਰੀ ਗੁਰੂ ਰਵਿਦਾਸ ਯਾਦਗਾਰ ਦੇ ਵਿਸਥਾਰ ਦਾ ਕਾਰਜ ਅਤੇ ਫਰੀਦਪੁਰ ਵਿਖੇ ਬਾਣੀ ਅਧਿਐਨ ਕੇਂਦਰ ਦੀ ਸਥਾਪਨਾ ਸਮੇਤ ਬੁਨਿਆਦੀ ਢਾਂਚੇ ਦੇ ਵੱਡੇ ਪ੍ਰਾਜੈਕਟਾਂ ਦੀ ਵੀ ਘੋਸ਼ਣਾ ਕੀਤੀ ਗਈ।
ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਗੁਰੂ ਸਾਹਿਬ ਜੀ ਲਈ ਇਹ ਸਮਾਗਮ ਅਤੇ ਪ੍ਰਾਜੈਕਟਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਵੇਗੀ ਅਤੇ ਸੰਤ ਸਮਾਜ ਦੇ ਆਦੇਸ਼ ਪੂਰੀ ਤਰ੍ਹਾਂ ਲਾਗੂ ਕੀਤੇ ਜਾਣਗੇ। ਸਾਲ ਭਰ ਚੱਲਣ ਵਾਲੇ ਪ੍ਰੋਗਰਾਮ ਸਰਕਾਰ ਦੇ ਨਿੱਜੀ ਅਤੇ ਸਮਾਜਿਕ ਸੁਧਾਰਾਂ ਦੇ ਅਨੁਕੂਲ ਹੋਣਗੇ, ਜਿਸ ਵਿੱਚ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਸ਼ਾਮਿਲ ਹੈ।
ਉਨ੍ਹਾਂ ਸੰਗਤ ਨੂੰ ਭਰੋਸਾ ਦਿਲਾਇਆ ਕਿ ਸਰਕਾਰ 650ਵੇਂ ਪ੍ਰਕਾਸ਼ ਪੁਰਬ ਨੂੰ ਵਿਆਪਕ ਪੱਧਰ ‘ਤੇ ਮਨਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਮੁੱਖ ਮੰਤਰੀ ਨੇ ਯਾਦ ਕਰਵਾਇਆ ਕਿ ਹਾਲ ਹੀ ਵਿੱਚ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਵੀ ਲੜੀਵਾਰ ਸਮਾਗਮਾਂ ਰਾਹੀਂ ਮਨਾਇਆ ਗਿਆ ਸੀ।
ਮੁੱਖ ਮੰਤਰੀ ਨੇ ਖੁਰਾਲਗੜ੍ਹ ਦੀ ਪਵਿੱਤਰ ਧਰਤੀ ਨਾਲ ਆਪਣੇ ਜੁੜਾਅ ਨੂੰ ਮਹਿਸੂਸ ਕਰਦਿਆਂ ਕਿਹਾ ਕਿ ਗੁਰੂ ਜੀ ਨੇ ਇੱਥੇ ਚਾਰ ਸਾਲ ਤੋਂ ਵੱਧ ਸਮਾਂ ਰਹਿ ਕੇ ਭਗਤੀ ਕੀਤੀ ਅਤੇ ਸਮਾਜ ਵਿੱਚ ਬਰਾਬਰੀ ਦਾ ਸੰਦੇਸ਼ ਦਿੱਤਾ। ਸੂਬਾ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਖੋਜ ਲਈ ਚੇਅਰਾਂ ਸਥਾਪਤ ਕੀਤੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਗਰੀਬ ਅਤੇ ਪੱਛੜੇ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ। ਸਰਕਾਰ ਨੇ ਖੁਰਾਲਗੜ੍ਹ ਵਿੱਚ 148 ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪੱਧਰੀ ਯਾਦਗਾਰ ਬਣਾਈ ਹੈ ਜੋ ਸੰਗਤ ਸਹੂਲਤਾਂ ਨਾਲ ਲੈਸ ਹੈ। ਫਰੀਦਪੁਰ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਸ੍ਰੀ ਗੁਰੂ ਰਵਿਦਾਸ ਅਧਿਐਨ ਕੇਂਦਰ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸਹੀ ਜੀਵਨ ਅਤੇ ਬਰਾਬਰੀ ਵਾਲੇ ਸਮਾਜ ਲਈ ਗੁਰੂ ਜੀ ਦੇ ਸੰਦੇਸ਼ ਨੂੰ ਫੈਲਾਉਣ ਦੀ ਅਪੀਲ ਮੁੱਖ ਮੰਤਰੀ ਨੇ ਕੀਤੀ। ਉਹਨਾਂ ਨੇ ਬਲ ਦਿੱਤਾ ਕਿ ਸਰਕਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਕਦ ਰਹਿਤ ਇਲਾਜ ਪ੍ਰਦਾਨ ਕਰ ਰਹੀ ਹੈ, ਜਿਸ ਨਾਲ 65 ਲੱਖ ਪਰਿਵਾਰ ਲਾਭਾਨਵਿਤ ਹੋਣਗੇ।
ਆਪ ਆਗੂ ਮਨੀਸ਼ ਸਿਸੋਦੀਆ ਨੇ ਵੀ ਖੁਰਾਲਗੜ੍ਹ ਦੀ ਧਰਤੀ ‘ਤੇ ਪਹੁੰਚਣ ਅਤੇ ਗੁਰੂ ਜੀ ਦੇ ਚਰਨ ਪਾਏ ਜਾਣ ਦੀ ਮਹੱਤਤਾ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਸਮਾਜ ਦੇ ਸਾਰੇ ਵਰਗਾਂ ਨੂੰ ਬਰਾਬਰ ਅਧਿਕਾਰ ਪ੍ਰਦਾਨ ਕਰ ਰਹੀਆਂ ਹਨ।
ਇਸ ਮੌਕੇ ਕਈ ਕੈਬਨਿਟ ਮੰਤਰੀ, ਸੰਸਦ ਮੈਂਬਰ, ਵਿਧਾਇਕ, ਸੰਤ ਸਮਾਜ ਦੀਆਂ ਸਤਿਕਾਰਤ ਸ਼ਖਸੀਅਤਾਂ ਅਤੇ ਹੋਰ ਵਿਅਕਤੀ ਮੌਜੂਦ ਸਨ।









